ਸਿੱਖੀ ਸਰੂਪ ਅਤੇ ਪੰਜ ਕਕਾਰਾਂ ਦੀ ਮਹੱਤਤਾ
Calgary (Canada) +1-403-437-4445
mahimedia@gmail.com
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1699 ਦੀ ਵਿਸਾਖੀ ਦੇ ਮੌਕੇ ਤੇ ਜਦੋਂ ਖਾਲਸਾ ਪੰਥ ਦੀ ਸਿਰਜਣਾ ਕੀਤੀ ਤਾਂ ਉਨ੍ਹਾਂ ਨੇ ਸਿੱਖਾਂ ਨੂੰ ਇਕ ਵੱਖਰੀ ਪਹਿਚਾਣ ਦਿੱਤੀ। ਇਹ ਪਹਿਚਾਣ ਸੀ, ‘ਸਾਬਤ ਸੂਰਤ ਦਸਤਾਰ ਸਿਰਾ’। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਪਣੇ ਸਿੱਖਾਂ ਨੂੰ ਇਹ ਵਿਲੱਖਣ ਪਹਿਚਾਣ ਦੇਣ ਦੇ ਪਿੱਛੇ ਕਈ ਸਾਰੇ ਕਾਰਨ ਸਨ।
ਜਦੋਂ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੂੰ ਮੁਗਲ ਸਰਕਾਰ ਨੇ ਦਿੱਲੀ ਦੇ ਚਾਂਦਨੀ ਚੌਂਕ ਵਿਚ ਸ਼ਹੀਦ ਕਰ ਦਿੱਤਾ ਤਾਂ ਭਾਈ ਜੈਤਾ ਜੀ ਗੁਰੂ ਜੀ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਪੁੱਜੇ। ਜਦੋਂ ਭਾਈ ਜੈਤਾ ਜੀ ਸੀਸ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ ਪੁੱਛਿਆ ਕਿ ਭਾਈ ਜੈਤਾ ਜੀ, ਜਦੋਂ ਗੁਰੂ ਤੇਗ ਬਹਾਦੁਰ ਜੀ ਨੂੰ ਦਿੱਲੀ ਵਿਚ ਸ਼ਹੀਦ ਕੀਤਾ ਸੀ ਤਾਂ ਉਦੋਂ ਦਿੱਲੀ ਦੇ ਸਿੱਖ ਬਹੁਤ ਰੋਹ ਵਿਚ ਆਏ ਹੋਣਗੇ ਕਿੳਂਕਿ ਦਿੱਲੀ ਵਿਚ ਸਿੱਖਾਂ ਦੀ ਕਾਫੀ ਗਿਣਤੀ ਸੀ? ਤਾਂ ਭਾਈ ਜੈਤਾ ਜੀ ਨੇ ਦੱਸਿਆ ਕਿ ਗੁਰੂ ਜੀ, ਦਿੱਲੀ ਦੇ ਸਿੱਖ ਤਾਂ ਮੁਗਲ ਸਰਕਾਰ ਦੇ ਜ਼ੁਲਮਾਂ ਤੋਂ ਡਰਦੇ ਮਾਰੇ ਸਿੱਖ ਹੋਣ ਤੋਂ ਹੀ ਮੁਨੱਕਰ ਹੋ ਗਏ । ਜਦੋਂ ਗੁਰੂ ਤੇਗ ਬਹਾਦੁਰ ਜੀ ਸ਼ਹੀਦੀ ਪ੍ਰਾਪਤ ਕਰ ਗਏ ਤਾਂ ਮੁਗਲ ਸਿਪਾਹੀ ਕਈ ਸਿੱਖਾਂ ਦੇ ਘਰਾਂ ਵਿਚ ਗਏ ਕਿ ਉਹ ਆਪਣੇ ਗੁਰੂ ਦਾ ਸਰੀਰ (ਧੜ੍ਹ) ਲੈ ਜਾਣ। ਪਰ ਸਿੱਖ ਡਰਦੇ ਮਾਰੇ ਮੁੱਕਰ ਹੀ ਗਏ ਕਿ ਉਹ ਸਿੱਖ ਹਨ । ਤਾਂ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤੇ ਕਿ ਮੈਂ ਆਪਣੇ ਸਿੱਖਾਂ ਨੂੰ ਐਸੀ ਪਹਿਚਾਣ ਦੇਵਾਂਗਾ ਕਿ ਉਹ ਚਾਹ ਕੇ ਵੀ ਆਪਣੀ ਪਹਿਚਾਣ ਛੁਪਾ ਨਹੀਂ ਸਕਣਗੇ ।
ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਬੜਾ ਲੰਮਾ ਸਮਾਂ ਇਸ ‘ਤੇ ਵਿਚਾਰ ਕੀਤੀ ਕਿ ਸਿੱਖਾਂ ਦੀ ਪਹਿਚਾਣ ਕਿਸ ਤਰ੍ਹਾਂ ਦੀ ਹੋਵੇ? ਫਿਰ 1699 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ ੳੇੁਨ੍ਹਾਂ ਨੇ ਸਿੱਖਾਂ ਨੂੰ ‘ਸਾਬਤ ਸੂਰਤ ਦਸਤਾਰ ਸਿਰਾ’ ਵਾਲੀ ਵਿਲੱਖਣ ਪਹਿਚਾਣ ਦਿਤੀ । ਅਜਿਹੀ ਪਹਿਚਾਨ ਦੇ ਪਿੱਛੇ ਕਈ ਕੁਦਰਤੀ ਤੇ ਇਤਿਹਾਸਕ ਕਾਰਨ ਸਨ ।
ਕੁਦਰਤ ਨੇ ਬਹੁਤ ਸਾਰੇ ਅਣਗਿਣਤ ਕਿਸਮ ਦੇ ਜੀਵ-ਜੰਤੂ ਅਤੇ ਜਾਨਵਰ ਬਣਾਏ ਹਨ । ਭਾਵੇਂ ਇਨ੍ਹਾਂ ਅਲੱਗ-ਅਲੱਗ ਕਿਸਮ ਦੇ ਜੀਵ ਜੰਤੂਆਂ ਵਿਚ ਕਈ ਤਰ੍ਹਾਂ ਦੇ ਗੁਣ ਮਿਲਦੇ-ਜੁਲਦੇ ਹਨ । ਪਰ ਉਨ੍ਹਾਂ ਵਿਚ ਘੱਟੋ-ਘੱਟ ਇਕ ਗੁਣ ਵਿਲੱਖਣ ਹੁੰਦਾ ਹੈ ਜੋ ਹੋਰ ਕਿਸੇ ਵੀ ਜੀਵ ਜਾਂ ਜਾਨਵਰ ਵਿਚ ਨਹੀਂ ਹੁੰਦਾ । ਇਸੇ ਤਰ੍ਹਾਂ ਕੁਦਰਤ ਨੇ ਇਕ ਕਿਸਮ ਦੇ ਜੀਵ ਜਾਂ ਜਾਨਵਰ ਦੇ ਨਰ ਅਤੇ ਮਾਦਾ ਦੋਹਾਂ ਵਿਚ ਵੀ ਕੁਝ ਨਾ ਕੁਝ ਫਰਕ ਜ਼ਰੂਰ ਰੱਖਿਆ ਹੈ । ਜੇਕਰ ਅਸੀਂ ਵੇਖੀਏ ਤਾਂ ਕੁਦਰਤ ਨੇ ਮਨੁੱਖ ਦਾ ਦੂਜੇ ਜਾਨਵਰਾਂ ਤੋਂ ਇਹ ਫਰਕ ਰੱਖਿਆ ਹੈ ਕਿ ਇਸ ਦੇ ਸਿਰ ਦੇ ਉੱਤੇ ਲੰਮੇ-ਲੰਮੇ ਵਾਲ ਹਨ ਜੋ ਹੋਰ ਕਿਸੇ ਜਾਨਵਰ ਦੇ ਸਿਰ ਉੱਤੇ ਇੰਨੇ ਲੰਮੇ ਵਾਲ ਨਹੀਂ ਹੁੰਦੇ। ਇਸੇ ਤਰਾਂ ਆਦਮੀ ਤੇ ਔਰਤ ਵਿਚ ਕੁਦਰਤ ਨੇ ਇਹ ਫਰਕ ਰੱਖਿਆ ਹੈ ਕਿ ਔਰਤ ਦੇ ਚਿਹਰੇ ੳੁੱਤੇ ਵਾਲ ਨਹੀਂ ਹਨ ਪਰ ਆਦਮੀ ਦੇ ਚਿਹਰੇ ਉੱਤੇ ਵਾਲ ਹੁੰਦੇ ਹਨ ਜਿਸ ਨੂੰ ਅਸੀਂ ਦਾੜ੍ਹੀ-ਮੁੱਛਾਂ ਕਹਿ ਦਿੰਦੇ ਹਾਂ । ਸੋ ਕੁਦਰਤ ਨੇ ਹੀ ਮਨੂੱਖ ਨੂੰ ਇਕ ਵਿਲੱਖਣ ਸੂਰਤ ਦਿੱਤੀ ਹੈ। ਕੇਸ ਕੁਦਰਤ ਵੱਲੋਂ ਮਨੂੱਖ ਨੂੰ ਦਿੱਤੀ ਅਲੱਗ ਪਹਿਚਾਣ ਹੈ ।
ਉਂਝ ਵੀ ਜੇ ਅਸੀਂ ਵੇਖੀਏ ਕਿ ਜਿੰਨੇ ਵੀ ਰਿਸ਼ੀ-ਮੁਨੀ, ਪੀਰ-ਪਗੰਬਰ, ਵੱਡੇ-ਵੱਡੇ ਦਾਰਸ਼ਨਿਕ, ਸਇੰਸਦਾਨਾਂ, ਆਦਿ ਦੀਆਂ ਤਸਵੀਰਾਂ ਸਾਬਤ ਸੂਰਤ ਵਾਲੀਆਂ ਹੀ ਹੁੰਦੀਆਂ ਹਨ। ਸੋ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਅਗਰ ਸਾਬਤ ਸੂਰਤ ਰਹਿਣ ਦਾ ਹੁਕਮ ਦਿੱਤਾ ਤਾਂ ਇਹ ਕੁਦਰਤ ਦੇ ਨਿਯਮਾਂ ਅਨੁਸਾਰ ਹੀ ਸੀ । ਇਹ ਪਹਿਚਾਣ ਮਨੁੱਖ ਨੂੰ ਕੁਦਰਤ ਦੀ ਬਖਸ਼ੀ ਹੋਈ ਹੈ ।
ਦੂਜਾ ਕਾਰਨ ਇਤਿਹਾਸਕ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਈ ਸੱਚ ਦੇ ਮਾਰਗ ਦੀ ਰੀਤ ਨੂੰ ਹੀ ਅੱਗੇ ਵਧਾਇਆ । ਗੁਰੂਨਾਨਕ ਦੇਵ ਜੀ ਨੇ ਹੀ ਸਿੱਖਾਂ ਨੂੰ ਐਲਾਨੀਆ ਕਹਿ ਦਿੱਤਾ ਸੀ ਕਿ:
ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰ ਧਰ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥ ਸਿਰ ਦੀਜੈ ਕਾਣਿ ਨ ਕੀਜੈ॥
ਗੁਰੂ ਗੋਬਿੰਦ ਸਿੰਘ ਜੀ ਦੇ ਮੌਕੇ ‘ਤੇ ਇਹ ਧਰਮ ਅਤੇ ਸੱਚ ਦੀ ਲੜਾਈ ਖੁੱਲ੍ਹਮ-ਖੁੱਲ੍ਹਾ ਰੂਪ ਧਾਰਨ ਕਰ ਚੁੱਕੀ ਸੀ । ਗੁਰੂ ਜੀ ਨੇ ਸੋਚ ਲਿਆ ਸੀ ਕਿ ਹੁਣ ਤਿਆਰ ਬਰ ਤਿਆਰ ਫੌਜਾਂ ਦੀ ਲੋੜ ਹੈ । ਸੋ ਖਾਲਸੇ ਦੀ ਸਾਬਤ ਸੂਰਤ ਤਿਆਰ ਬਰ ਤਿਆਰ ਰਹਿਣ ਵਿਚ ਵੀ ਸਹਾਈ ਸੀ । ਇਸ ਦਾ ਵਰਨਣ ਅੱਗੇ ਕਰਾਂਗੇ । ਸਾਬਤ ਸੂਰਤ ਦੇ ਨਾਲ-ਨਾਲ ਗੁਰੂ ਸਾਹਿਬ ਨੇ ਸਿੱਖਾਂ ਨੂੰ ਪੰਜ ਕਕਾਰਾਂ ਦੇ ਧਾਰਨੀ ਹੋਣਾ ਵੀ ਲਾਜ਼ਮੀ ਕਰ ਦਿੱਤਾ ।
ਖਾਲਸੇ ਨੂੰ ਕਿਰਪਾਨ ਦਾ ਪਹਿਨਣਾ ਜ਼ਰੂਰੀ ਕਰ ਦਿੱਤਾ ਕਿਉਂਕਿ ਅਗਰ ਤੁਹਾਡੇ ਕੋਲ ਹੋਰ ਕੋਈ ਹਥਿਆਰ ਨਾ ਵੀ ਹੋਵੇ ਤਾਂ ਘੱਟੋ-ਘੱਟ ਤੁਹਾਡੇ ਕੋਲ ਕਿਰਪਾਨ ਤਾਂ ਹੋਵੇ ਜਿਸ ਨਾਲ ਤੁਸੀਂ ਦੁਸ਼ਮਣ ਦਾ ਟਾਕਰਾ ਕਰ ਸਕੋ ।ਤਲਵਾਰ ਲਈ ਗੁਰੂ ਸਾਹਿਬ ਨੇ ਕਿਰਪਾਨ ਸ਼ਬਦ ਦੀ ਵਰਤੋਂ ਕੀਤੀ ਜੋ ਕਿ ਕਿਰਪਾ + ਆਨ ਤੋਂ ਬਣਿਆ ਹੈ। ਭਾਵ ਕਿ ਇਹ ਹਥਿਆਰ ਸਿੱਖਾਂ ਨੇ ਕਿਸੇ ਮਜ਼ਲੂਮ ਦੀ ਰੱਖਿਆ ਲਈ ਭਾਵ ਉਸ ਉੱਤੇ ਕਿਰਪਾ ਲਈ ਚਲਾਉਣਾ ਹੈ ਅਤੇ ਜਾਂ ਫਿਰ ਆਪਣੀ ਆਨ, ਸਵੈਮਾਨ ਲਈ । ਕਿਰਪਾਨ ਦਾ ਧਾਰਨੀ ਹੋਣ ਦਾ ਮਤਲਬ ਇਹ ਬਿਲਕੁਲ ਵੀ ਨਹੀਂ ਕਿ ਤੁਸੀਂ ਕਿਸੇ ਤੇ ਹਮਲਾ ਕਰਨਾ ਹੈ ।
ਕੜ੍ਹਾ ਪਹਿਨਣ ਦਾ ਹੁਕਮ ਇਸ ਲਈ ਕੀਤਾ ਕਿ ਅਗਰ ਦੁਸ਼ਮਣ ਅਚਾਨਕ ਹਮਲਾ ਕਰ ਦੇਵੇ ਤਾਂ ਇਹ ਐਮਰਜੈਂਸੀ ਵਿਚ ਢਾਲ ਦਾ ਕੰਮ ਦੇ ਸਕਦਾ ਹੈ। ਦੂਜਾ ਇਸ ਦਾ ਫਾਇਦਾ ਮਨੋਵਿਗਿਆਨਿਕ ਵੀ ਹੈ ਕਿ ਅਗਰ ਸਿੱਖ ਨੇ ਕੜ੍ਹਾ ਪਾਇਆ ਹੋਵੇ ਤਾਂ ਡਰ ਨੇੜੇ ਨਹੀਂ ਆਉਂਦਾ। ਕੜ੍ਹਾ ਪਹਿਨਣ ਦਾ ਇਕ ਹੋਰ ਫਾਇਦਾ ਇਹ ਹੈ ਕਿ ਗੁਰੂ ਦਾ ਸਿੱਖ ਅਗਰ ਕਿਸੇ ਮੰਦੇ ਕਰਮ ਨੂੰ ਕਰਨ ਲਈ ਹੱਥ ਅੱਗੇ ਵਧਾਏਗਾ ਤਾਂ ਉਸ ਦਾ ਕੜ੍ਹਾ ਉਸ ਨੂੰ ਗੁਰੂ ਦਾ ਸਿੱਖ ਹੋਣ ਦਾ ਅਹਿਸਾਸ ਅਤੇ ਚੇਤਾ ਕਰਵਾਏਗਾ ਅਤੇ ਉਹ ਮੰਦੇ ਕਰਮ ਤੋਂ ਤੌਬਾ ਕਰੇਗਾ ।ਕਛਹਿਰਾ ਇਸ ਕਰਕੇ ਪਹਿਨਣਾ ਜ਼ਰੂਰੀ ਸੀ ਕਿ ਅਗਰ ਦੁਸ਼ਮਣ ਅਚਾਨਕ ਹਮਲਾ ਕਰ ਦੇਵੇ ਤਾਂ ਕੱਪੜੇ ਪਹਿਨਣ ਵਿਚ ਸਮਾਂ ਵਿਅਰਥ ਨਾ ਜਾਵੇ। ਘੱਟੋ-ਘੱਟ ਕਛਹਿਰਾ ਪਾਇਆ ਹੋਵੇ ਤਾਂ ਸਿੱਖ ਕਿਰਪਾਨ ਚੁੱਕ ਕੇ ਤਿਆਰ-ਬਰ-ਤਿਆਰ ਸਿਪਾਹੀ ਹੋਵੇ ।
ਕੇਸਾਂ ਦਾ ਮਹੱਤਵ ਤਾਂ ਅਸੀਂ ਉਪਰ ਕੁਦਰਤੀ ਤੌਰ ਤੇ ਹੋਣਾ ਵੀ ਵੇਖ ਆਏ ਹਾਂ ਪਰ ਇਸ ਤੋਂ ਇਲਾਵਾ ਅਗਰ ਦੁਸ਼ਮਣ ਅਚਾਨਕ ਹਮਲਾ ਕਰ ਦੇਵੇ ਤਾਂ ਕੇਸ ਦੁਸ਼ਮਣ ਦੇ ਵਾਰ ਤੋਂ ਬਚਾਅ ਵੀ ਕਰ ਸਕਦੇ ਹਨ। ਇਸੇ ਤਰ੍ਹਾਂ ਅਗਰ ਸਿੱਖ ਨੇ ਕੇਸ ਰੱਖੇ ਹਨ ਤਾਂ ੳੇੁਨਾਂ ਦੀ ਸਫਾਈ ਲਈ ਕੰਘਾ ਹੋਣਾ ਲਾਜ਼ਮੀ ਹੈ ।
ਇਸ ਤਰ੍ਹਾਂ ਅਸੀਂ ਵੇਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਵਿਲੱਖਣ ਸੂਰਤ ਸਿੱਖਾਂ ਲਈ ਲਾਜ਼ਮੀ ਬਣਾਈ ਉਹ ਬੜੀ ਡੂੰਘੀ ਸੋਚ ਵਿਚਾਰ ‘ਤੇ ਅਧਾਰਤ ਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਖਸ਼ੀ ਇਹ ਸਾਬਤ ਸੂਰਤ ਤੇ ਪੰਜ ਕਕਾਰਾਂ ਦਾ ਮਹੱਤਵ ਅੱਜ ਵੀ ਜਿਉਂ ਦਾ ਤਿਉਂ ਸਾਰਥਕ ਹੈ । ਅੱਜ ਵੀ ਅਗਰ ਸਿੱਖ ਤਿਆਰ-ਬਰ-ਤਿਆਰ ਹੈ ਤਾਂ ਉਹ ਕਿਸੇ ਮਜ਼ਲੁਮ ਦੀ ਰੱਖਿਆ ਕਰ ਸਕਦਾ ਹੈ । ਮਜ਼ਲੂਮ ਭਾਵੇਂ ਕਿਸੇ ਵੀ ਰੰਗ, ਮਜ਼ਬ, ਜਾਤ ਜਾਂ ਦੇਸ਼ ਦਾ ਹੋਵੇ ਸਿੱਖ ਲਈ ਉਸ ਦੀ ਰੱਖਿਆ ਕਰਨਾ ਪਰਮ-ਧਰਮ ਹੈ।
ਜਹਾਂ-ਜਹਾਂ ਖਾਲਸਾ ਜੀ ਸਾਹਿਬ ਤਹਾਂ ਰੱਛਿਆ ਰਿਆਇਤ
ਅੱਜ ਵੀ ‘ਸਾਬਤ-ਸੂਰਤ’ ਸਿੱਖ ਨੂੰ ਬੁਰੇ ਕੰਮ ਕਰਨ ਤੋਂ ਵਰਜਦੀ ਹੈ ਕਿਉਂਕਿ ਉਹ ਗੁਰੂ ਦਾ ਸਾਬਤ-ਸੂਰਤ ਸਿੱਖ ਹੈ ਤਾਂ ਕੋਈ ਵੀ ਬੁਰਾ ਕਰਮ ਕਰਨ ਤੋਂ ਪਹਿਲਾਂ ਉਸ ਦੇ ਮਨ ਵਿਚ ਇਹ ਖਿਆਲ ਆਉਣਾ ਲਾਜ਼ਮੀ ਹੈ ਕਿ ਲੋਕ ਕੀ ਕਹਿਣਗੇ ਕਿ ਇਕ ਗੁਰੂ ਦੇ ਸਿੱਖ ਨੇ ਇਹ ਮਾੜਾ ਕਰਮ ਕੀਤਾ? ਜਿੱਥੇ ਮਾੜਾ ਕਰਮ ਕਰ ਕੇ ਸਿੱਖ ਲਈ ਆਪਣੇ-ਆਪ ਨੂੰ ਛੁਪਾਉਣਾ ਮੁਸ਼ਕਲ ਹੈ ਉਥੇ ਚੰਗੇ ਕਰਮ ਕਰ ਕੇ ਆਪਣੀ ਅਲੱਗ ਪਹਿਚਾਣ ਬਣਾਉਣਾ ਉੱਨਾ ਹੀ ਸੌਖਾ ਹੈ। ਸਿੱਖ ਦੀ ਦਸਤਾਰ ਉਸ ਦੀ ਸ਼ਾਨ ਤਾਂ ਹੈ ਹੀ ਉਸ ਦੀ ਰੱਖਿਆ ਵੀ ਕਰਦੀ ਹੈ। ਅੱਜ ਮੋਟਰ-ਗੱਡੀ ਦੀ ਰਫਤਾਰ ਲੋਕਾਂ ਦੀ ਜਾਨ ਦੀ ਖੌਹ ਬਣੀ ਹੋਈ ਹੈ। ਪਰ ਇਹੋ ਦਸਤਾਰ ਉਸ ਨੂੰ ਐਕਸੀਡੈਂਟ ਵਿਚ ਸਿਰ ਦੀ ਸੱਟ ਤੋਂ ਬਚਾਉਂਦੀ ਹੈ। ਅੱਜ ਮੋਟਰ-ਸਾਇਕਲ, ਸਕੂਟਰ ਦੇ ਚਲਾਉਣ ਲਈ ਅਤੇ ਕਿਸੇ ਫੈਕਟਰੀ ਵਿਚ ਕੰਮ ਕਰਨ ਲਈ ਹੈਲਮਟ ਪਹਿਨਣਾ ਕਨੂੰਨਣ ਜ਼ਰੂਰੀ ਹੈ, ਪਰ ਬਹੁਤ ਜਗ੍ਹਾ, ਇਕ ਦਸਤਾਰ-ਧਾਰੀ ਸਿੱਖ ਨੂੰ ਇਹ ਸਭ ਤੋਂ ਛੋਟ ਹੈ ।
ਸੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿੱਖਾਂ ਨੂੰ ਬਖਸ਼ੀ ਸਾਬਤ-ਸੂਰਤ ਤੇ ਪੰਜ ਕਕਾਰ ਅੱਜ ਵੀ ਹਰ ਪਹਿਲੂ ਤੋਂ ਸਾਰਥਕ ਹਨ ।